॥ ਜਪੁ ॥
ਇਸ ਸਾਰੀ ਬਾਣੀ ਦਾ ਨਾਮ 'ਜਪੁ' ਹੈ।
ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥
ਪਦ ਅਰਥ: ਆਦਿ = ਮੁੱਢ ਤੋਂ। ਸਚੁ = ਹੋਂਦ ਵਾਲਾ। ਸ਼ਬਦ 'ਸਚੁ' ਸੰਸਕ੍ਰਿਤ ਦੇ 'ਸਤਯ' ਦਾ ਪ੍ਰਾਕ੍ਰਿਤ ਹੈ, ਜਿਸ ਦਾ ਧਾਤੂ 'ਅਸ' ਹੈ। 'ਅਸ' ਦਾ ਅਰਥ ਹੈ 'ਹੋਣਾ'। ਜੁਗਾਦਿ = ਜੁਗਾਂ ਦੇ ਮੁੱਢ ਤੋਂ। ਹੈ– ਭਾਵ, ਇਸ ਵੇਲੇ ਭੀ ਹੈ। ਨਾਨਕ = ਹੇ ਨਾਨਕ! ਹੋਸੀ = ਹੋਵੇਗਾ, ਰਹੇਗਾ।1।
ਅਰਥ: ਹੇ ਨਾਨਕ! ਅਕਾਲ ਪੁਰਖ ਮੁੱਢ ਤੋਂ ਹੋਂਦ ਵਾਲਾ ਹੈ, ਜੁਗਾਂ ਦੇ ਮੁੱਢ ਤੋਂ ਮੌਜੂਦ ਹੈ। ਇਸ ਵੇਲੇ ਭੀ ਮੌਜੂਦ ਹੈ ਤੇ ਅਗਾਂਹ ਨੂੰ ਭੀ ਹੋਂਦ ਵਾਲਾ ਰਹੇਗਾ।1।
ਨੋਟ: ਇਹ ਸ਼ਲੋਕ ਮੰਗਲਾਚਰਨ ਵਜੋਂ ਹੈ। ਇਸ ਵਿਚ ਗੁਰੂ ਨਾਨਕ ਦੇਵ ਜੀ ਨੇ ਆਪਣੇ ਇਸ਼ਟ ਦਾ ਸਰੂਪ ਬਿਆਨ ਕੀਤਾ ਹੈ, ਜਿਸ ਦਾ ਜਪ ਸਿਮਰਨ ਕਰਨ ਦਾ ਉਪਦੇਸ਼ ਇਸ ਸਾਰੀ ਬਾਣੀ 'ਜਪੁ' ਵਿਚ ਕੀਤਾ ਗਿਆ ਹੈ।
ਇਸ ਤੋਂ ਅਗਾਂਹ ਬਾਣੀ 'ਜਪੁ' ਦਾ ਮਜ਼ਮੂਨ ਸ਼ੁਰੂ ਹੁੰਦਾ ਹੈ।
ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥ ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ॥
ਪਦ ਅਰਥ: ਸੋਚੈ = ਸੁਚਿ ਰੱਖਣ ਨਾਲ, ਪਵਿੱਤਰਤਾ ਕਾਇਮ ਰੱਖਣ ਨਾਲ। ਸੋਚਿ = ਸੁਚਿ, ਪਵਿੱਤਰਤਾ, ਸੁੱਚ। ਨ ਹੋਵਈ = ਨਹੀਂ ਹੋ ਸਕਦੀ। ਸੋਚੀ = ਮੈਂ ਸੁੱਚ ਰੱਖਾਂ। ਚੁਪੈ = ਚੁੱਪ ਕਰ ਰਹਿਣ ਨਾਲ। ਚੁਪ = ਸ਼ਾਂਤੀ, ਮਨ ਦੀ ਚੁੱਪ, ਮਨ ਦਾ ਟਿਕਾਉ। ਲਾਇ ਰਹਾ = ਮੈਂ ਲਾਈ ਰੱਖਾਂ। ਲਿਵ ਤਾਰ = ਲਿਵ ਦੀ ਤਾਰ, ਲਿਵ ਦੀ ਡੋਰ, ਇਕ = ਤਾਰ ਸਮਾਧੀ।
ਨੋਟ: ਇਸ ਪਉੜੀ ਦੀ ਪੰਜਵੀਂ ਤੁਕ ਪੜ੍ਹਿਆਂ ਇਹ ਪਤਾ ਲੱਗਦਾ ਹੈ ਕਿ ਇਸ ਪਉੜੀ ਵਿਚ ਗੁਰੂ ਨਾਨਕ ਸਾਹਿਬ ਮਨ ਨੂੰ 'ਸਚਿਆਰਾ' ਕਰਨ ਦਾ ਤਰੀਕਾ ਦੱਸ ਰਹੇ ਹਨ। ਸਭ ਤੋਂ ਪਹਿਲਾਂ ਉਹਨਾਂ ਸਾਧਨਾਂ ਦਾ ਜ਼ਿਕਰ ਕਰਦੇ ਹਨ ਜੋ ਹੋਰ ਲੋਕ ਵਰਤ ਰਹੇ ਹਨ। ਤੀਰਥਾਂ ਦਾ ਇਸ਼ਨਾਨ, ਜੰਗਲਾਂ ਵਿਚ ਜਾ ਕੇ ਸਮਾਧੀ ਲਾਉਣੀ, ਮਨ ਨੂੰ ਮਾਇਆ ਵਿਚ ਪਹਿਲਾਂ ਰਜਾ ਲੈਣਾ, ਸ਼ਾਸਤ੍ਰਾਂ ਦੀ ਫਿਲਾਸਫ਼ੀ-ਇਹ ਆਮ ਪਰਚਲਤ ਤਰੀਕੇ ਸਨ। ਪਰ ਸਤਿਗੁਰੂ ਜੀ ਇਹਨਾਂ ਤੋਂ ਵੱਖਰਾ ਉਹ ਸਾਧਨ ਦੱਸਦੇ ਹਨ, ਜਿਸ ਨੂੰ ਗੁਰਸਿੱਖੀ ਦਾ ਮੁੱਢਲਾ ਨਿਯਮ ਸਮਝ ਲੈਣਾ ਚਾਹੀਦਾ ਹੈ, ਭਾਵ, ਅਕਾਲ ਪੁਰਖ ਦੀ ਰਜ਼ਾ ਵਿਚ ਤੁਰਨਾ।
ਪਹਿਲੀਆਂ ਚੌਹਾਂ ਤੁਕਾਂ ਦੇ ਠੀਕ ਅਰਥ ਸਮਝਣ ਲਈ ਪੰਜਵੀਂ ਤੁਕ ਵਲ ਖ਼ਾਸ ਧਿਆਨ ਦੇਣਾ ਜ਼ਰੂਰੀ ਹੈ। 'ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ। ' ਇਸ ਤੁਕ ਨੂੰ ਪਹਿਲੀ ਹਰੇਕ ਤੁਕ ਦੇ ਨਾਲ ਪੜ੍ਹਿਆਂ ਸਪੱਸ਼ਟ ਹੋ ਜਾਂਦਾ ਹੈ ਕਿ ਪਹਿਲੀ ਹਰੇਕ ਤੁਕ ਵਿਚ 'ਮਨ' ਦਾ ਹੀ ਜ਼ਿਕਰ ਹੈ। ਪਹਿਲੀ ਤੁਕ ਵਿਚ 'ਮਨ ਦੀ ਸੁੱਚ', ਦੂਜੀ ਵਿਚ 'ਮਨ ਦੀ ਚੁੱਪ', ਤੀਜੀ ਵਿਚ 'ਮਨ ਦੀ ਭੁੱਖ' ਅਤੇ ਚੌਥੀ ਵਿਚ 'ਮਨ ਦੀ ਸਿਆਣਪ' ਦਾ ਹਾਲ ਦੱਸਿਆ ਹੈ।
(ਪ੍ਰ:) ਲਫ਼ਜ਼ 'ਸੋਚਿ' ਦੇ ਅਰਥ 'ਸੁੱਚ' ਕਿਉਂ ਕੀਤੇ ਗਏ ਹਨ?
(ਉ:) ਮਨ ਦੀਆਂ ਸੋਚਾਂ ਤੇ ਸਿਆਣਪਾਂ ਨੂੰ ਤਾਂ ਚੌਥੀ ਤੁਕ ਵਿਚ ਵਰਣਨ ਕਰ ਦਿੱਤਾ ਗਿਆ ਹੈ, ਇਸ ਵਾਸਤੇ ਪਹਿਲੀ ਤੁਕ ਵਿਚ ਕੁਝ ਹੋਰ ਖ਼ਿਆਲ ਹੈ, ਜੋ ਹੇਠਲੀਆਂ ਤੁਕਾਂ ਗਹੁ ਨਾਲ ਪੜ੍ਹਿਆਂ ਸਪੱਸ਼ਟ ਹੋ ਜਾਂਦਾ ਹੈ:
(1) ਕਹੁ ਨਾਨਕ ਸਚੁ ਧਿਆਈਐ ॥
ਸੁਚਿ ਹੋਵੈ ਤਾਂ ਸਚੁ ਪਾਈਐ ॥ (ਆਸਾ ਦੀ ਵਾਰ
(2) ਸੋਚ ਕਰੈ ਦਿਨਸੁ ਅਰੁ ਰਾਤਿ ॥
ਮਨ ਕੀ ਮੈਲ ਨ ਤਨ ਤੇ ਜਾਤਿ ॥ (ਸੁਖਮਨੀ
(3) ਨ ਸੁਚਿ ਸੰਜਮੁ ਤੁਲਸੀ ਮਾਲਾ ॥
ਗੋਪੀ ਕਾਨੁ ਨ ਗਊ ਗੋਆਲਾ ॥
ਤੰਤੁ ਮੰਤੁ ਪਾਖੰਡੁ ਨ ਕੋਈ,
ਨਾ ਕੋ ਵੰਸੁ ਵਜਾਇਦਾ ॥7॥ (ਮਾਰੂ ਮਹਲਾ 1
'ਸੋਚ' ਦਾ ਅਰਥ ਹੈ 'ਇਸ਼ਨਾਨ', ਅਤੇ 'ਸੁਚਿ' ਦਾ ਅਰਥ ਹੈ 'ਪਵਿੱਤਰਤਾ'। ਇਹਨਾਂ ਹੀ ਦੋ ਸ਼ਬਦਾਂ ਦੀ ਮਿਲਾਵਟ ਦਾ ਸ਼ਬਦ ਹੈ 'ਸੋਚਿ', ਜਿਸ ਦਾ ਅਰਥ ਹੈ ਸੁੱਚ, ਪਵਿੱਤਰਤਾ, ਇਸ਼ਨਾਨ। ਸ਼ਬਦ 'ਸੁਚਿ' ਇਸਤ੍ਰੀ ਲਿੰਗ ਹੈ। ਸੰਸਕ੍ਰਿਤ ਵਿਚ ਭੀ ਇਹ ਇਸੇ ਹੀ ਸ਼ਕਲ ਵਿਚ ਹੈ। ਜਿਵੇਂ ਸ਼ਬਦ 'ਮਨ' ਤੋਂ 'ਮਨਿ' ਬਣਿਆ ਹੈ, ਜਿਸ ਦਾ ਅਰਥ ਹੈ 'ਮਨ ਵਿਚ', ਇਸ ਤਰ੍ਹਾਂ 'ਸੋਚ' ਤੋਂ 'ਸੋਚਿ' ਨਹੀਂ ਬਣ ਸਕਦਾ, ਕਿਉਂਕਿ ਲਫ਼ਜ਼ 'ਮਨੁ' ਪੁਲਿੰਗ ਹੈ ਤੇ 'ਸੋਚ' (ਜਿਸ ਦਾ ਅਰਥ 'ਵਿਚਾਰ' ਹੈ) ਇਸਤ੍ਰੀ ਲਿੰਗ ਹੈ। ਸੋ, ਸ਼ਬਦ 'ਸੋਚਿ' ਅਧਿਕਰਨ ਕਾਰਕ ਦੀ (ਿ) ਤੋਂ ਬਿਨਾ ਹੀ ਅਸਲ ਸਰੂਪ ਵਾਲਾ ਸੰਸਕ੍ਰਿਤ ਦਾ ਹੀ ਲਫ਼ਜ਼ 'ਸੁਚਿ' ਹੈ, ਜਿਸ ਦਾ ਅਰਥ ਹੈ ਪਵਿੱਤਰਤਾ।
ਅਰਥ: ਜੇ ਮੈਂ ਲੱਖ ਵਾਰੀ (ਭੀ) (ਇਸ਼ਨਾਨ ਆਦਿਕ ਨਾਲ ਸਰੀਰ ਦੀ) ਸੁੱਚ ਰੱਖਾਂ, (ਤਾਂ ਭੀ ਇਸ ਤਰ੍ਹਾਂ) ਸੁੱਚ ਰੱਖਣ ਨਾਲ (ਮਨ ਦੀ) ਸੁੱਚ ਨਹੀਂ ਰਹਿ ਸਕਦੀ। ਜੇ ਮੈਂ (ਸਰੀਰ ਦੀ) ਇਕ-ਤਾਰ ਸਮਾਧੀ ਲਾਈ ਰੱਖਾਂ; (ਤਾਂ ਭੀ ਇਸ ਤਰ੍ਹਾਂ) ਚੁੱਪ ਕਰ ਰਹਿਣ ਨਾਲ ਮਨ ਦੀ ਸ਼ਾਂਤੀ ਨਹੀਂ ਹੋ ਸਕਦੀ।
No comments:
Post a Comment